ਮੋਗਾ 29 ਮਈ ( ਗੁਰਮੇਜ਼ ਸਿੰਘ ) ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਭਗਤ ਸਿੰਘ ਕੌਂਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਪ੍ਰਾਪਤੀ ਲਈ 30 ਮਈ ਨੂੰ ਕੀਤਾ ਜਾਣ ਵਾਲਾ ਇਸ ਮਹੀਨੇ ਦਾ ਮਹੀਨਾਵਾਰੀ ਬਨੇਗਾ ਐਕਸ਼ਨ ਡੇਅ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਦੇ ਸਨਮਾਨ ਵਜੋਂ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਪ੍ਰੈਸ ਦੇ ਨਾਮ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਕਰਮਵੀਰ ਕੌਰ ਬੱਧਣੀ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ ਅਤੇ ਸੂਬਾ ਸਕੱਤਰ ਸੁੱਖਵਿੰਦਰ ਕੁਮਾਰ ਮਲੋਟ ਨੇ ਕਿਹਾ ਕਿ ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਪਿਛਲੇ ਮਹੀਨਿਆਂ ਤੋਂ ਲਗਾਤਾਰ ਹਰ ਮਹੀਨੇ ਦੇ ਆਖਰੀ ਸ਼ੁੱਕਰਵਾਰ ਪੰਜਾਬ ਦੇ ਡੀ.ਸੀ. ਦਫਤਰਾਂ ਅਤੇ ਐਸ.ਡੀ.ਐਮ. ਦਫਤਰਾਂ ਅੱਗੇ ਬਨੇਗਾ ਐਕਸ਼ਨ ਡੇਅ ਕੀਤਾ ਜਾ ਰਿਹਾ ਹੈ ਪਰ ਇਸ ਮਹੀਨੇ ਦੇ ਆਖਰੀ ਸ਼ੁੱਕਰਵਾਰ ਭਾਵ 30 ਮਈ ਸਿੱਖ ਧਰਮ ਦੇ ਮਹਾਨ ਸ਼ਹੀਦ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ। ਸਿੱਖ ਇਤਿਹਾਸ ਵਿੱਚ ਇਸ ਦੀ ਬਹੁਤ ਵੱਡੀ ਮਹਾਨਤਾ ਹੈ ਅਤੇ ਪੰਜਾਬ ਦਾ ਹਰ ਬਸ਼ਿੰਦਾ ਇਸ ਦਿਨ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਸ਼ਾਮਲ ਹੁੰਦਾ ਹੈ। ਇਸ ਮਹਾਨ ਦਿਨ ਦੀ ਮਹਾਨਤਾ ਦੇ ਸਨਮਾਨ ਵਜੋਂ ਨੌਜਵਾਨਾਂ ਵਿਦਿਆਰਥੀਆਂ ਵੱਲੋਂ ਮਹੀਨਾ ਵਾਰੀ ਐਕਸ਼ਨ ਮੁਲਤਵੀਂ ਕਰ ਦਿੱਤਾ ਗਿਆ ਹੈ।