ਫਿਰੋਜ਼ਪੁਰ 23 ਅਗਸਤ ---ਸ਼ਹੀਦ ਕਰਤਾਰ ਸਿੰਘ ਸਰਾਭਾ ਫਾਰਮਰਜ਼ ਪ੍ਰੋਡਿਊਸਰਜ਼ ਆਰਗੇਨਾਈਜੇਸ਼ਨ (FPO) ਵੱਲੋਂ ਸਲਾਨਾ ਆਮ ਇਜਲਾਸ ਅਤੇ ਵਿਸ਼ਾਲ ਕਿਸਾਨ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਕਿਸਾਨਾਂ ਦੀ ਭਲਾਈ ਲਈ ਵੱਖ-ਵੱਖ ਵਿਭਾਗਾਂ ਤੋਂ ਆਏ ਵਿਸ਼ੇਸ਼ਮਾਹਰਾਂ ਨੇ ਵਿਸਥਾਰਪੂਰਵਕ ਲੈਕਚਰ ਦਿੱਤੇ ਅਤੇ ਸਰਕਾਰੀ ਸਕੀਮਾਂ, ਵਿਗਿਆਨਕ ਖੇਤੀਬਾੜੀ ਦੇ ਤਰੀਕਿਆਂ ਅਤੇ ਨਵੀਂ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਤੇ ਸ਼੍ਰੀ ਆਸ਼ਵ, ਬਲਾਕ ਟੈਕਨਿਕਲ ਮੈਨੇਜਰ, ਖੇਤੀਬਾੜੀ ਵਿਭਾਗ, ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਸੰਭਾਲ, ਰੋਗਾਂ ਤੋਂ ਬਚਾਅ ਅਤੇ ਕੀਟ-ਨਿਯੰਤਰਣ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਝੋਨੇ ਦੀ ਫ਼ਸਲ ਦੇ ਵੱਖ-ਵੱਖ ਪੜਾਵਾਂ ਤੇ ਜ਼ਰੂਰੀ ਖੇਤੀ ਪ੍ਰਬੰਧਨ ਦੇ ਤਰੀਕੇ ਸਮਝਾਏ ਤਾਂ ਜੋ ਕਿਸਾਨ ਉਤਪਾਦਨ ਵਧਾ ਸਕਣ ਅਤੇ ਨੁਕਸਾਨ ਘਟਾ ਸਕਣ।
ਡਾ. ਪਰਦੀਪ ਸਿੰਘ, ਬਾਗਬਾਨੀ ਵਿਭਾਗ, ਨੇ ਮਧੂ ਮੱਖੀ ਪਾਲਣ (Bee Keeping) ਅਤੇ ਵੱਖ-ਵੱਖ ਬਾਗਬਾਨੀ ਫਸਲਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਬਾਗਬਾਨੀ ਨਾਲ ਨਾ ਸਿਰਫ਼ ਵਾਧੂ ਆਮਦਨ ਹੋ ਸਕਦੀ ਹੈ, ਸਗੋਂ ਰਵਾਇਤੀ ਖੇਤੀ ’ਤੇ ਆ ਰਹੇ ਦਬਾਅ ਨੂੰ ਵੀ ਘਟਾਇਆ ਜਾ ਸਕਦਾ ਹੈ। ਉਨ੍ਹਾਂ ਨੇ ਬਾਗਬਾਨੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਸਬਸਿਡੀਆਂ ਦੀ ਵੀ ਜਾਣਕਾਰੀ ਦਿੱਤੀ।
ਸ਼੍ਰੀ ਅਮਨ ਭਾਦੂ, ਭਾਰਤੀ ਬੀਜ ਸਹਿਕਾਰੀ ਸਮਿਤੀ, ਨੇ ਵੱਖ-ਵੱਖ ਫਸਲਾਂ ਦੇ ਬੀਜਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਸੰਗਠਨ ਵੱਲੋਂ ਉੱਚ-ਗੁਣਵੱਤਾ ਵਾਲੇ ਬੀਜ ਪ੍ਰਦਾਨ ਕੀਤੇ ਜਾ ਰਹੇ ਹਨ ਅਤੇ ਕਣਕ ਦੀ ਫਸਲ ਦੇ ਬੀਜ ਲਈ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਜਿਹੜੇ ਕਿਸਾਨ ਰੁਚੀ ਰੱਖਦੇ ਹਨ, ਉਹ ਸ਼ਹੀਦ ਕਰਤਾਰ ਸਿੰਘ ਸਰਾਭਾ FPO ਰਾਹੀਂ ਬੀਜਾਂ ਦੀ ਬੁਕਿੰਗ ਕਰਵਾ ਸਕਦੇ ਹਨ।
ਡਾ. ਅਮ੍ਰਿਤਪਾਲ ਸਿੰਘ, ਇਫਕੋ (IFFCO) ਵੱਲੋਂ ਇਫਕੋ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ FPO ਰਾਹੀਂ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਅਤੇ ਆਧੁਨਿਕ ਖੇਤੀ ਦੇ ਤਰੀਕੇ ਅਪਣਾਉਣ।
ਡਾ. ਕਰਣ ਸੇਠ, ਡਿਪਟੀ ਮੈਨੇਜਰ, ਵੇਰਕਾ ਕੈਟਲ ਫੀਡ ਪਲਾਂਟ, ਨੇ ਕਿਸਾਨਾਂ ਨੂੰ ਪਸ਼ੂਆਂ ਦੀ ਬਰੀਡਿੰਗ, ਖੁਰਾਕ ਤੇ ਰਾਸ਼ਨ ਬੈਲੈਂਸਿੰਗ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਪਸ਼ੂਆਂ ਦੀ ਫੀਡ ਸਾਈਕਲ ਬਾਰੇ ਵੀ ਸਮਝਾਇਆ ਤਾਂ ਜੋ ਪਸ਼ੂਆਂ ਦੀ ਸਿਹਤ ਠੀਕ ਰਹੇ ਅਤੇ ਦੁੱਧ ਉਤਪਾਦਨ ਵਿੱਚ ਵਾਧਾ ਹੋਵੇ। ਵੇਰਕਾ ਵੱਲੋਂ ਮੁਹਈਆ ਕਰਵਾਈਆਂ ਜਾ ਰਹੀਆਂ ਵੱਖ ਵੱਖ ਫੀਡਾਂ ਬਾਰੇ ਜਾਣਕਾਰੀ ਦਿੱਤੀ ਅਤੇ ਧਾਤਾਂ ਦੇ ਚੂਰੇ ਦੀਆ ਮਹੱਤਤਾ ਬਾਰੇ ਦੱਸਿਆ
ਡਾ. ਉੱਪਲ, ਪਾਇਨੀਅਰ ਕੰਪਨੀ, ਨੇ ਸਾਇਲੇਜ ਬਾਰੇ ਕਿਸਾਨਾਂ ਨੂੰ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਵੱਖ-ਵੱਖ ਸਾਇਲੇਜ ਟੈਸਟਾਂ ਅਤੇ ਉਸਦੀ ਮਹੱਤਤਾ ਉਜਾਗਰ ਕੀਤੀ।
ਡਾ. ਚੰਚਲ ਵਾਘੇਲਾ, ਨੇਸ਼ਨਲ ਡੈਅਰੀ ਡਿਵੈਲਪਮੈਂਟ ਬੋਰਡ (NDDB) ਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਕਿਸਾਨਾਂ ਨੂੰ FPO ਦੀ ਭੂਮਿਕਾ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ FPO ਨਾਲ ਜੁੜਣ।
ਸ਼੍ਰੀ ਰਮਨਦੀਪ ਕੁਮਾਰ, ਡੇਅਰੀ ਇੰਸਪੈਕਟਰ, ਨੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਡੇਅਰੀ ਦੇ ਧੰਧੇ ਲਈ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਬਸਿਡੀਆਂ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਰਕਾਰੀ ਯੋਜਨਾਵਾਂ ਦਾ ਪੂਰਾ ਲਾਭ ਲੈ ਕੇ ਹੀ ਕਿਸਾਨ ਆਪਣੇ ਦੁੱਧ ਉਤਪਾਦਨ ਕਾਰੋਬਾਰ ਨੂੰ ਮਜ਼ਬੂਤ ਕਰ ਸਕਦੇ ਹਨ।
ਕਰਨਦੀਪ ਸਿੰਘ, ਵੇਰਕਾ ਸੀਡ ਪਲਾਂਟ, ਬੱਸੀ ਪਠਾਣਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਵੇਰਕਾ ਵੱਲੋਂ ਕਿਸਾਨਾਂ ਨੂੰ ਸਬਸੀਡੀ ਰੇਟ ਤੇ ਹਰੇ ਚਾਰੇ ਦੇ ਬੀਜ ਜਿਵੇਂ ਕਿ ਬਰਸੀਮ, ਜਮੀ, ਚਰੀ, ਮੱਕੀ ਆਦਿ ਦੇ ਬੀਜ ਮੁਹਈਆ ਕਰਵਾਏ ਜਾਂਦੇ ਹਨ ਜਿਹਨਾਂ ਲਈ ਕਿਸਾਨ ਆਪਣੇ ਨਜ਼ਦੀਕੀ ਦੁੱਧ ਉਤਪਾਦਕ ਸਹਿਕਾਰੀ ਸਭਾ , ਦੁੱਧ ਸ਼ੀਤਲ ਕੇਂਦਰਾਂ ਜਾਂ ਮਿਲਕ ਪਲਾਂਟ ਨਾਲ ਸੰਪਰਕ ਕਰ ਸਕਣ।
ਸ਼੍ਰੀ ਗੁਰਜੰਤ ਸਿੰਘ, ਜ਼ਿਲ੍ਹਾ ਰੋਜ਼ਗਾਰ ਅਫਸਰ, ਨੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਵੱਖ-ਵੱਖ ਰੋਜ਼ਗਾਰ ਮੌਕਿਆਂ ਅਤੇ ਸਰਕਾਰੀ ਟ੍ਰੇਨਿੰਗ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।
ਡਾ. ਸਿਮਰਜੀਤ ਸਿੰਘ, ਸੀਨੀਅਰ ਵੈਟਰਨਰੀ ਅਫਸਰ, ਨੇ ਕਿਸਾਨਾਂ ਨੂੰ ਪਸ਼ੂਆਂ ਨੂੰ ਹੋਣ ਵਾਲੀਆਂ ਖਤਰਨਾਕ ਬਿਮਾਰੀਆਂ ਜਿਵੇਂ ਕਿ ਹਲਕਾਵ , ਬ੍ਰੂਸੈਲੋਸਿਸ ਅਤੇ ਮੂੰਹ ਖੁਰ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਵੈਕਸੀਨੇਸ਼ਨ ਨਾਲ ਇਨ੍ਹਾਂ ਬਿਮਾਰੀਆਂ ਤੋਂ ਪਸ਼ੂਆਂ ਦੀ ਰੱਖਿਆ ਕੀਤੀ ਜਾ ਸਕਦੀ ਹੈ।
ਇਸ ਸਮਾਗਮ ਦੀ ਸਟੇਜ ਸੰਚਾਲਨ ਚਸ਼ਨਦੀਪ ਸਿੰਘ, ਇੰਚਾਰਜ ਮਾਰਕੀਟਿੰਗ, ਵੇਰਕਾ ਫਿਰੋਜ਼ਪੁਰ ਡੇਅਰੀ ਵੱਲੋਂ ਬਾਖੂਬੀ ਕੀਤੀ ਗਈ। ਉਨ੍ਹਾਂ ਨੇ ਕਿਸਾਨਾਂ ਨੂੰ ਵੇਰਕਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਵੇਰਕਾ ਉਤਪਾਦਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਖਾਸ ਤੌਰ ‘ਤੇ ਵਿਆਹਾਂ ਅਤੇ ਹੋਰ ਸਮਾਰੋਹਾਂ ਵਿੱਚ ਵੇਰਕਾ ਉਤਪਾਦਾਂ ਦੇ ਆਰਡਰ ਦੇਣ ਲਈ ਕਿਹਾ।
ਇਸ ਮੌਕੇ ਸ:ਗੁਰਭੇਜ ਸਿੰਘ ਟਿੱਬੀ,ਚੇਅਰਮੈਨ, ਵੇਰਕਾ ਫਿਰੋਜ਼ਪੁਰ ਡੇਅਰੀ ਵੱਲੋਂ ਸਾਰੇ ਆਏ ਹੋਏ ਵਿਸ਼ੇਸ਼ਮਾਹਰਾਂ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।
ਸ਼੍ਰੀ ਸੁਗਿਆਨ ਪ੍ਰਸਾਦ, ਜਨਰਲ ਮੈਨੇਜਰ, ਵੇਰਕਾ ਫਿਰੋਜ਼ਪੁਰ ਡੇਅਰੀ , ਨੇ ਸਾਰੇ ਵਿਸ਼ੇਸ਼ਮਾਹਰਾਂ, ਕਿਸਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਯੋਜਕਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਇਸ ਮੌਕੇ ਸ਼੍ਰੀ ਸਤਯਿੰਦਰ ਪ੍ਰਸਾਦ, GM, ਵੇਰਕਾ ਕੈਟਲ ਫੀਡ ਪਲਾਂਟ ਘਣਿਆ ਕੇ ਬੰਗਰ, ਸ਼੍ਰੀ ਹਰਿੰਦਰ ਸਿੰਘ, ਮੈਨੇਜਰ ਮਿਲਕ ਪ੍ਰੋਕਿਊਰਮੈਂਟ, ਵੇਰਕਾ ਫਿਰੋਜ਼ਪੁਰ ਡੇਅਰੀ , ਡਾ. ਪ੍ਰਿੰਸਜੋਤ ਸਿੰਘ, ਡਿਪਟੀ ਮੈਨੇਜਰ, ਐਨੀਮਲ ਹਜ਼ਬੈਂਡਰੀ, ਗੁਰਬੀਰ ਸਿੰਘ, ਡਿਪਟੀ ਮੈਨੇਜਰ ਪ੍ਰੋਕਿਊਰਮੈਂਟ, ਗੁਰਦੇਵ ਸਿੰਘ, MPS, ਗੁਰਪ੍ਰੀਤ ਸਿੰਘ, MPA, ਰਜਿੰਦਰ ਸਿੰਘ ਟਿੱਬੀ , ਡਾ. ਨੀਰਜ ਗਰੋਵਰ, ਵੈਟਰਨਰੀ ਅਫਸਰ, ਸ਼੍ਰੀ ਸ਼ਿਵਮ, NDDB, ਕੁਲਵੰਤ ਸਿੰਘ ਰੱਖੜੀ, ਜਗਮੀਤ ਸਿੰਵ ਰੱਖੜੀ ਆਦਿ ਸ਼ਾਮਲ ਹੋਏ।
ਇਹ ਸਮਾਗਮ ਨਾ ਸਿਰਫ਼ ਇੱਕ ਮੀਟਿੰਗ ਸੀ ਸਗੋਂ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ, ਸਰਕਾਰੀ ਯੋਜਨਾਵਾਂ ਅਤੇ ਵਿਗਿਆਨਕ ਖੇਤੀਬਾੜੀ ਬਾਰੇ ਨਵੀਨਤਮ ਜਾਣਕਾਰੀ ਪ੍ਰਾਪਤ ਕਰਨ ਦਾ ਸੁਨਹਿਰਾ ਮੌਕਾ ਸੀ। ਕਿਸਾਨਾਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾ ਕੇ ਆਪਣੀ ਰੁਚੀ ਅਤੇ ਉਤਸਾਹ ਪ੍ਰਗਟਾਇਆ।
ਸਮਾਗਮ ਦੇ ਅੰਤ ਵਿੱਚ ਸਭਾ ਵੱਲੋਂ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਕੈਂਪ ਅਤੇ ਟ੍ਰੇਨਿੰਗ ਪ੍ਰੋਗਰਾਮ ਨਿਯਮਿਤ ਤੌਰ ‘ਤੇ ਕਰਵਾਏ ਜਾਣਗੇ ਤਾਂ ਜੋ ਖੇਤੀਬਾੜੀ ਅਤੇ ਡੇਅਰੀ ਖੇਤਰ ਨਾਲ ਜੁੜੇ ਹਰ ਕਿਸਾਨ ਨੂੰ ਨਵੀਂ ਜਾਣਕਾਰੀ ਅਤੇ ਮੌਕੇ ਮਿਲ ਸਕਣ।
No comments:
Post a Comment