ਸਕੂਲ ਵਿੱਚ ਪਹੁੰਚਣ ਲਈ ਗੰਦੇ ਪਾਣੀ ਵਿੱਚੋਂ ਪੈਦਾ ਹੈ ਲੰਘਣਾ
ਮਮਦੋਟ 28 ਜੁਲਾਈ (ਗੁਰਮੇਜ਼ ਸਿੰਘ)/-ਬਲਾਕ ਮਮਦੋਟ ਦੇ ਅਧੀਨ ਪੈਂਦਾ ਪਿੰਡ ਕਾਲੂ ਅਰਾਈ ਹਿਠਾੜ ਵਿਕਾਸ ਪੱਖੋਂ ਵਾਂਝਾ ਨਜ਼ਰ ਆ ਰਿਹਾ ਹੈ,ਇਸ ਪਿੰਡ ਦੇ ਸਰਕਾਰੀ ਮਿਡਲ ਸਕੂਲ ਸਾਹਮਣੇ ਸੜਕ 'ਤੇ ਖੜ੍ਹੇ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਕੂਲ ਦੇ ਬੱਚੇ ਅਤੇ ਟੀਚਰ ਡਾਹਢੇ ਪਰੇਸ਼ਾਨ ਹਨ, ਜਿਸ ਕਾਰਨ ਸਕੂਲੀ ਬੱਚਿਆਂ ਅਤੇ ਟੀਚਰਾਂ ਨੂੰ ਮਜਬੂਰਨ ਇਸ ਗੰਦਲੇ ਪਾਣੀ ਵਿਚ ਤੁਰ ਕੇ ਲੰਘਣਾ ਪੈਂਦਾ ਹੈ ਤੇ ਸੜਕ 'ਤੇ ਖੜ੍ਹਾ ਛੱਪੜ ਤੇ ਮੀਂਹ ਦਾ ਗੰਦਾ ਪਾਣੀ ਕਈ ਤਰਾਂ੍ਹ ਦੀਆਂ ਬਿਮਾਰੀਆਂ ਨੂੰ ਵੀ ਦਾਅਵਤ ਦੇ ਰਿਹਾ ਹੈ।
ਇਸ ਮੌਕੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੇ ਟੀਚਰ ਸੰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਹ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਤੇ ਉਹ ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ, ਉਹਨਾਂ ਦੱਸਿਆ ਕਿ ਸੜਕ 'ਤੇ ਖੜ੍ਹੇ ਛੱਪੜ ਦੇ ਗੰਦੇ ਪਾਣੀ 'ਚੋਂ ਵਿਦਿਆਰਥੀਆ ਨੂੰ ਮਜਬੂਰਨ ਲੰਘਣਾ ਪੈਂਦਾ ਹੈ, ਜਿਸ ਕਾਰਨ ਵਿਦਿਆਰਥੀਆਂ ਦੇ ਕੱਪੜੇ ਰੋਜ਼ਾਨਾ ਹੀ ਗੰਦੇ ਹੋ ਜਾਂਦੇ ਹਨ ਅਤੇ ਕਈ ਵਾਰ ਵਿਦਿਆਰਥੀ ਆਪਣਾ ਸੰਤੁਲਨ ਵਿਗੜਨ ਕਰ ਕੇ ਪਾਣੀ 'ਚ ਡਿੱਗ ਵੀ ਪੈਂਦੇ ਹਨ। ਉਹਨਾਂ ਸਰਕਾਰ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਸੜਕ 'ਤੇ ਖੜ੍ਹੇ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਜਲਦ ਹੱਲ ਕੀਤਾ ਜਾਵੇ, ਤਾਂ ਜੋ ਸਕੂਲ ਆਉਣ ਵਾਲੇ ਵਿਦਿਆਰਥੀਆਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਦ ਇਸ ਸਬੰਧੀ ਪਿੰਡ ਦੇ ਸਰਪੰਚ ਮੇਹਰ ਸਿੰਘ ਨੂੰ ਇਸ ਪਾਣੀ ਦੀ ਸਮੱਸਿਆ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸੜਕ ਨੀਵੀਂ ਹੋਣ ਕਾਰਨ ਬਰਸਾਤ ਦਾ ਪਾਣੀ ਅਤੇ ਪਿੰਡ ਦੀਆਂ ਗਲੀਆਂ ਦਾ ਪਾਣੀ ਇੱਥੇ ਇਕੱਠਾ ਹੋ ਗਿਆ ਪਰ ਪਿੰਡ ਵਿੱਚ ਪਾਰਟੀ ਬਾਜੀ ਹੋਣ ਕਾਰਨ ਕੋਈ ਵੀ ਨੇੜਲੇ ਖੇਤਾਂ ਦੀ ਜਮੀਨ ਦੇ ਮਾਲਕ ਪਾਣੀ ਝੋਨੇ ਨੂੰ ਨਹੀਂ ਪਾਉਣ ਦੇ ਰਹੇ ਹਨ ਜਿਸ ਕਾਰਨ ਇਹ ਸਮੱਸਿਆ ਬਣੀ ਹੋਈ ਹੈ। ਇਸ ਮੌਕੇ ਸੰਦੀਪ ਸਿੰਘ ਮੈਥ ਟੀਚਰ,ਕੁਲਵਿੰਦਰ ਸਿੰਘ ਐਸ ਐਸ ਟੀਚਰ, ਸਿਮੀ ਹਿੰਦੀ ਟੀਚਰ, ਅਨੀਤਾ ਪੰਜਾਬੀ ਟੀਚਰ ਅਤੇ ਸਕੂਲ ਵਿਦਿਆਰਥੀਆਂ ਹਾਜਰ ਸਨ।